ਅਫਵਾਹਾਂ ਦੀ ਜਨਮਦਾਤੀ’ ਹੁੰਦੀ ਹੈ ਅਗਿਆਨਤਾ-ਤਰਕਸ਼ੀਲ

*’ਭੇਡ-ਚਾਲ’ ਮਨੁੱਖੀ ਵਿਵਹਾਰ ਦਾ ਹਿੱਸਾ ਨਹੀਂ-ਤਰਕਸ਼ੀਲ
*’ਭੇਡ-ਚਾਲ’ ਤੋਂ ਮੁਕਤ ਹੋਵੇ ਮਨੁੱਖੀ-ਸਮਾਜ-ਤਰਕਸ਼ੀਲ*
ਖਰੜ, 7 ਅਗਸਤ 2017 (ANS) : ਪਿਛਲੇ ਕੁਝ ਦਿਨਾਂ ਤੋਂ ਦੇਸ ਦੇ ਵੱਖ ਵੱਖ ਸੂਬਿਆਂ ਜਿਨਾ ਵਿੱਚ ਹੁਣ ਪੰਜਾਬ ਵੀ ਸ਼ਾਮਿਲ ਹੋ ਗਿਆ ਹੈ ਔਰਤਾਂ ਦੀਆਂ ਗੁੱਤਾਂ  ਕੱਟਣ ਦੀਆਂ ‘ਸ਼ੱਕੀ ਘਟਨਾਵਾਂ’ ਬਾਰੇ ਗੱਲ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਸਾਡੇ ਦੇਸ ਦੇ ਲੋਕ ਅੰਧਵਿਸ਼ਵਾਸਾਂ ਵਿੱਚ ਇਸ ਕਦਰ ਗੜੁੰਦ ਹਨ ਕਿ ਇਹ ਕਿਸੇ ਵੀ ਕਿਸਮ ਦੀ ਅਫਵਾਹ ਨੂੰ ਮੰਨਣ ਹੀ ਨਹੀਂ ਲੱਗ ਜਾਂਦੇ ਬਲਕਿ ਉਸ ਦਾ ਆਪ ਹਿੱਸਾ ਬਣ ਕੇ ਅੱਗੇ ਤੋਂ ਅੱਗੇ ਫੈਲਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ।ਉਨਾਂ ਕਿਹਾ ਕਿ ‘ਭੇਢ-ਚਾਲ’ ਵਾਲ਼ਾ ਮੁਹਾਵਰਾ ਸਾਡੇ ਦੇਸ ਦੀ ਬਹੁ-ਗਿਣਤੀ ਜਨਤਾ ਉੱਤੇ ਪੂਰੀ ਤਰਾਂ ਢੁੱਕਦਾ ਹੈ। ਉਨਾਂ ਦੱਸਿਆ ਕਿ ਇੱਕ ਅਖਬਾਰ ਦੀ ਖਬਰ ਮੁਤਾਬਕ ਪਿਛਲੇ ਦਿਨੀਂ ਜ਼ੀਰਕਪੁਰ ਵਿਖੇ ਮਾਇਆ ਗਾਰਡਨ ਵਿੱਚ ਜਿਸ ਕਮਲਾ ਦੇਵੀ ਨਾਮੀ 60 ਸਾਲਾ ਔਰਤ ਦੀ ਗੁੱਤ ਕੱਟੀ ਗਈ ਸੀ ਤਰਕਸੀਲ ਸੁਸਾਇਟੀ ਪੰਜਾਬ ਵੱਲੋਂ ਇਕਾਈ ਖਰੜ ਅਤੇ ਇਕਾਈ ਮੁਹਾਲ਼ੀ ਨੇ ਮੁਬਾਰਕਪੁਰ ਸਥਿਤ ਉਸਦੇ ਘਰ ਜਾਕੇ ਪੜਤਾਲ਼ ਕੀਤੀ। ਜਿਸ ਵਿੱਚ ਇੱਕ ਆਮ ਸਧਾਰਨ ਘਰੇਲੂ ਔਜਾਰ ਕੈਂਚੀ ਵਗੈਰਾ ਨਾਲ਼ ਬਾਲ਼ ਕੱਟੇ ਹੋਣ ਦੀ ਗੱਲ ਸਾਮਣੇ ਆਈ। ਤਰਕਸ਼ੀਲਾਂ ਵੱਲੋਂ ਪੁੱਛੇ ਗਏ ਕਿਸੇ ਵੀ ਸਵਾਲ ਦਾ ਕਮਲਾ ਦੇਵੀ ਕੋਈ ਵੀ ਤਸੱਲੀਬਖਸ ਜਵਾਬ ਨਾ ਦੇ ਸਕੀ।
ਇਸ ਮੌਕੇ ਤਰਕਸ਼ੀਲ ਯੁਨਿਟ ਮੁਹਾਲੀ ਦੇ ਆਗੂ ਹਰਪ੍ਰੀਤ ਨੇ ਮੌਕੇ ਉੱਤੇ ਹਾਜਰ ਪਰਿਵਾਰਕ ਮੈਬਰਾਂ ਅਤੇ ਲੋਕਾਂ ਨਾਲ ਵਾਰਤਾਲਾਪ ਕਰਦਿਆਂ ਕਿਹਾ ਕਿ ਅਸੀਂ ਅਕਸਰ ਹੀ ਹੇਅਰ ਡਰੈੱਸਰ ਕੋਲ਼ ਵੀ ਬਾਲ਼ ਕਟਵਾਉਂਦੇ ਹਾਂ ਜਦੋਂ ਨਾਈ ਦੀ ਦੁਕਾਨ ਵਿੱਚ ਬਾਲ਼ ਕੱਟਣ ਨਾਲ਼ ਕੁਝ ਨਹੀਂ ਵਿਗੜਦਾ ਤਾਂ ਘਰ ਵਿੱਚ ਵੀ ਬਾਲ਼ ਕੱਟਣ ਨਾਲ਼ ਕੁਛ ਨਹੀਂ ਵਿਗੜ ਸਕਦਾ।ਉਨਾਂ ਇਸ ਤਰਾਂ ਦੀਆਂ ਘਟਨਾਵਾਂ ਪ੍ਰਤੀ ਲੋਕ-ਮਨਾਂ ਚੋਂ ਸਹਿਮ ਦੂਰ ਕਰਦਿਆਂ ਦੱਸਿਆ ਕਿ ਅਖੋਤੀ ਭੂਤ-ਪ੍ਰੇਤ, ਚੁੜੇਲ, ਜਾਂ ਕਿਸੇ ਵੀ ਕਿਸਮ ਦੀ ਕੋਈ ਓਪਰੀ ਸ਼ੈਅ ਆਦਿ ਕਦੇ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਕਰ ਸਕਦੀ ਕਿਉਂਕਿ ਇਸ ਤਰਾਂ ਦੀਆਂ ਅਖੌਤੀ ‘ਓਪਰੀ-ਸਕਤੀਆਂ’ ਦਾ ਕੋਈ ਵਜ਼ੂਦ ਹੁੰਦਾ ਹੀ ਨਹੀਂ।
 ਇਸ ਘਟਨਾਂ ਦੀ ਪੜਤਾਲ਼ ਵਿੱਚ ਸਾਮਲ ਇਕਾਈ ਮੁਹਾਲ਼ੀ ਦੇ ਜਥੇਬੰਦਕ ਮੁਖੀ ਲੈਕਚਰਾਰ ਸੁਰਜੀਤ ਸਿੰਘ ਨੇ ਇਹੋ ਜਿਹੀਆਂ ਘਟਨਾਵਾਂ ਦੇ ਕਾਰਨਾਂ ਦੀ ਵਿਆਖਿਆ ਕਰਦਿਆ ਦੱਸਿਆ ਕਿ ਜਿਸ ਵਿਆਕਤੀ ਨਾਲ਼ ਇਸ ਤਰਾਂ ਦੀ ਘਟਨਾ ਵਾਪਰਦੀ ਹੈ ਜਿਆਦਾਤਰ ਮਾਮਲਿਆਂ ਵਿੱਚ ਉਹ ਖੁਦ ਅਤੇ ਜੇਕਰ ਬੱਚਿਆਂ ਨਾਲ਼ ਵਾਪਰਦੀ ਹੈ ਤਾਂ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਕਿਸੇ ਨਾ ਕਿਸੇ ਕਿਸਮ ਦੀ ‘ਮਾਨਸਿਕ ਗੁੰਝਲ਼’ ਦਾ ਸ਼ਿਕਾਰ ਹੁੰਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਵਿੱਚ ਇਸ ਤਰਾਂ ਦੀ ਘਟਨਾਂ ਵਾਪਰਦੀ ਹੈ ਤਾਂ ਲੋਕਾਂ ਵਿੱਚ ਅਫਵਾਹ ਫੈਲਾਉਣ ਦੀ ਬਜਾਇ ਇਸ ਦੇ ਕਾਰਨ ਆਪਣੇ ਪਰਿਵਾਰ ਅਤੇ ਆਲ਼ੇ ਦੁਆਲੇ ਵਿੱਚ ਤਲਾਸਣੇ ਚਾਹੀਦੇ ਹਨ।
ਇਹ ਮੌਕੇ ਹਾਜਰ ਤਰਕਸ਼ੀਲ ਕਾਮੇ ਅਮਰੀਕ ਸਿੰਘ ਭਵਾਤ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦੀ ਘਟਨਾਂ ਸਬੰਧੀ ਅਫਵਾਹਾਂ ਉੱਤੇ ਯਕੀਨ ਨਹੀਂ ਕਰਨਾ ਚਾਹੀਦਾ।ਕਿਉਂਕਿ ਅਕਸਰ ਗੈਰ-ਸਮਾਜਿਕ ਅਨਸਰਾਂ ਅਤੇ ਗੈਰ ਜਿੰਮੇਦਾਰ ਲੋਕਾਂ ਵੱਲੋਂ ਬਹੁਤ ਕੁਝ ਵਾਧੂ, ਸਨਸਨੀਖੇਜ ਅਤੇ ਮਸਾਲੇਦਾਰ ਗੱਲਾਂ ਜੋੜ ਕੇ ਸਧਾਰਨ ਘਟਨਾਵਾਂ ਨੂੰ ‘ਅਫਵਾਹਾਂ ਦਾ ਤੜਕਾ’ ਲਾਇਆ ਜਾਂਦਾ ਹੈ । ਉਨਾਂ ਦੱਸਿਆ ਕਿ ਗੈਰ-ਕੁਦਰਤੀ ਨਜਰ ਆਉਂਦੀ ਹਰੇਕ ਘਟਨਾਂ ਦੇ ਪਿੱਛੇ ‘ਲੁਕਵੇਂ’ ਕਾਰਨ ਹੁੰਦੇ ਹਨ ਇਸ ਲਈ ਹਰ ਘਟਨਾਂ ਦੀ ਡੂੰਘਾਈ ਨਾਲ਼ ਜਾਂਚ-ਪੜਤਾਲ਼ ਕਰਨੀ ਚਾਹੀਦੀ ਹੈ।  
 

%d bloggers like this: