ਕੇਸ ਰਿਪੋਰਟ:ਅਸੀਂ ਐਂਵੇਂ,ਸਾਂਭਦੇ ਰਹੇ ਕੱਚ ਦਾ ਸਮਾਨ, ਜਿੰਦਗੀ ਨੂੰ ਨਹੀਂ ਸਾਂਭਿਆ।।

ਅਜਾਇਬ ਜਲਾਲਾਣਾ:
ਉਪਰੋਕਤ ਸਤਰਾਂ ਮੁਤਾਬਿਕ ਇੱਕ ਅਜਿਹਾ ਹੀ ਕੇਸ ਜਿਲਾ,ਗੰਗਾਨਗਰ ਰਾਜਸਥਾਨ,ਦਾ ਸੀ। ਇੱਕ ਪਿੰਡ ਦੇ ਸਕੂਲ ਪ੍ਰਿਸੀਪਲ ਦੇ ਘਰ ਦਾ ਮਾਮਲਾ ਕੁਝ ਇਸ ਤਰਾਂ ਸੀ।ਪ੍ਰਿਸੀਪਲ ਦੀ ਘਰ ਪਰਿਵਾਰ’ਚ ਤਾਂ ਬਹੁਤ ਇੱਜਤ ਹੀ ਸੀ,ਉਸਦੇ ਪਿੰਡ ਤੇ ਆਸੇ ਪਾਸੇ ਦੇ ਲੋਕ ਵੀ ਉਸਤੋਂ ਪੁੱਛਕੇ ਕੋਈ ਨਵਾਂ ਕੰਮ ਕਰਦੇ।ਪ੍ਰਿਸੀਪਲ ਨੌਕਰੀ ਦੇ ਨਾਲ ਨਾਲ ਖੇਤੀ,ਬਾਗਵਾਨੀ,ਅਤੇ ਹੋਰ ਕਾਰੋਬਾਰ ਕਰਕੇ ਉਸਨੇ ਜ਼ਮੀਨ ਇੱਕ ਮੁਰੱਬੇ ਤੋਂ ਪੰਜ ਮੁਰੱਬੇ ਬਣਾ ਲਈ ਸੀ। ਉਸਨੇ ਆਪਣੇ ਘਰ ਅਤੇ ਬੱਚਿਆਂ ਦਾ ਜ਼ਿਆਦਾ ਖਿਆਲ ਨਾ ਰੱਖਦਿਆਂ ਪੈਸੇ ਨੂੰ ਤਰਜੀਹ ਦਿੱਤੀ।ਜਿਸ ਕਾਰਨ ਉਸਨੇ ਜ਼ਮੀਨ ਤੋਂ ਇਲਾਵਾ ਉਸ ਕੋਲ ਪੈਸੇ,ਪਲਾਟ,ਦੁਕਾਨਾਂ,ਤੇ ਸ਼ਹਿਰ’ਚ ਕੋਠੀ ਵੀ ਬਣਾ ਲਈ ਸੀ।ਇਸਦੇ ਨਾਲ ਹੀ ਉਸ ਕੋਲ ਆਪਣੇ ਵੱਡੇ ਭਰਾ ਦੀ ਕਬੀਲਦਾਰੀ,ਭਣਵਈਏ ਦੀ ਮੌਤ ਕਾਰਨ ਭੈਣ ਦੀ ਕਬੀਲਦਾਰੀ ਅਤੇ ਸਾਲੇ ਦੀ ਮੌਤ ਤੋਂ ਬਾਅਦ ਸਾਲੇ ਘਰ ਦੀ ਕਬੀਲਦਾਰੀ ਦੀ ਵੀ ਜੁੰਮੇਵਾਰੀ ਲੈ ਰੱਖੀ ਸੀ।ਪਰ ਉਹ ਆਪਣੇ ਬੱਚਿਆਂ ਦੀਆਂ ਹਰਕਤਾਂ ਪ੍ਰਤੀ ਅਵੇਸਲੇ ਰਹੇ।ਇਹਨਾਂ ਭੈਣ ਭਰਾਵਾਂ ਦੇ ਬੱਚੇ ਕਿਸੇ ਵੱਡੇ ਕਾਲਜ ਵਿੱਚ ਇਕੱਠੇ ਹੀ ਸ਼ਹਿਰ ਵਿਚ ਕਿਰਾਏ ਤੇ ਮਕਾਨ ਲੈਕੇ ਪੜ੍ਦੇ ਸਨ।ਉਹਨਾਂ ਕੋਲ ਬੁਲਟ ਮੋਟਰ ਸਾਈਕਲ,ਖਾਣ ਪੀਣ ਲਈ ਖੁੱਲ੍ਹਾ ਖਰਚਾ ਮਿਲਣ ਕਰਕੇ ਉਹਨਾਂ ਪੰਜਾਂ ਚੋੰ ਚਾਰ ਮੁੰਡੇ ਨਸ਼ਾ ਕਰਨ ਲਗ ਪਏ ਸਨ।ਉਹ ਸ਼ਰਾਬ ਤੋਂ ਬਾਅਦ ਹੁਣ ਸਮੈਕ ਵੀ ਪੀਣ ਲੱਗ ਪਏ ਸਨ।ਇੱਕ ਪਾਸੇ ਪ੍ਰਿੰਸੀਪਲ ਸਾਹਿਬ ਅਜੇ ਵੀ ਮੁਰੱਬੇ/ਪ੍ਰਾਪਰਟੀਆਂ ਜੋੜ ਰਹੇ ਸਨ।ਦੂਜੇ ਪਾਸੇ ਔਲਾਦ ਪੈਸੇ ਦੀ ਕੋਈ ਕਮੀਂ ਨਾ ਹੋਣ ਕਰਕੇ ਨਸ਼ਿਆਂ ਦੀ ਦਲ ਦਲ’ਚ ਫਸਦੀ ਜਾ ਰਹੀ ਸੀ।
ਖੈਰ ਐਸੇ ਹੀ ਭੱਜ ਦੌੜ’ਚ ਸਾਰੇ ਬੱਚੇ ਹੁਣ ਬੱਚੇ ਨਾ ਰਹਿਕੇ ਜਵਾਨ ਹੋ ਗਏ ਸਨ।ਤੇ ਆਪਣੀ ਆਪਣੀ ਪੜ੍ਹਾਈ ਵੀ ਪੂਰੀ ਕਰ ਚੁਕੇ ਸਨ।ਜਿੰਨਾਂ ਚੋੰ ਇੱਕ ਜੋ ਨਸ਼ਾ ਨਹੀਂ ਕਰਦਾ ਸੀ।ਉਹ ਰੁੜਕੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਲੈਕੇ ਅਤੇ ਵਿਆਹ ਕਰਵਾਕੇ ਚੰਗੇ ਪੈਕੇਜ਼ ਨਾਲ ਵਿਦੇਸ਼ ਟੱਪ ਚੁਕਾ ਸੀ।ਬਾਕੀ ਚਾਰਾਂ ਦਾ ਵੀ ਵਿਆਹ ਤਾਂ ਕਰ ਦਿੱਤਾ ਗਿਆ। ਉਹ ਹੁਣ ਭਾਵੇਂ ਸਮੈਕ ਨਹੀਂ ਪੀਂਦੇ, ਪਰ ਅਕਸਰ ਮੈਡੀਕਲ ਨਸ਼ਾ,ਅਫ਼ੀਮ ਤੇ ਸ਼ਰਾਬ ਆਦਿ ਤੇ ਕਦੀ ਕਦੀ ਦਾਅ ਜਰੂਰ ਲਾ ਜਾਂਦੇ ਸਨ।ਵਿਆਹ ਹੋ ਜਾਣ ਕਾਰਨ ਅਤੇ ਪਰਿਵਾਰ ਦੀਆਂ ਜੁੰਮੇਵਾਰੀਆਂ ਕਰਕੇ ਇਹਨਾਂ ਚਾਰਾਂ’ਚੋੰ ਪ੍ਰਿਸੀਪਲ ਦਾ ਭਤੀਜਾ ਬਾਗਵਾਣੀ, ਭੈਣ ਅਤੇ ਸਾਲੇ ਦਾ ਮੁੰਡਾ ਖੇਤੀਬਾੜੀ ਸੰਭਾਲਣ ਲੱਗ ਪਏ ਸਨ।ਪਰ ਉਸਦਾ ਆਵਦਾ ਮੁੰਡਾ ਕਿਸੇ ਵੀ ਕੰਮ ਕਾਰ ਵਿਚ ਨਹੀਂ ਲੱਗਿਆ। ਉਹ ਹੁਣ ਬਹੁਤ ਜ਼ਿਆਦਾ ਸ਼ਰਾਬ ਦਾ ਆਦਿ ਬਣ ਚੁਕਾ ਸੀ।ਸ਼ਰਾਬ ਦੇ ਨਾਲ ਮੈਡੀਕਲ ਨਸ਼ਾ ਵੀ ਲੈ ਰਿਹਾ ਸੀ।ਉਸ ਮੁੰਡੇ ਦੀ ਇਹ ਹਾਲਤ ਸੀ,ਉਸਦਾ ਪਿਸ਼ਾਪ ਵੀ ਕਪੜਿਆਂ’ਚ ਨਿੱਕਲ ਜਾਂਦਾ।ਉਸਨੂੰ ਵਿਆਹੀ ਉਸਦੀ ਘਰਵਾਲੀ ਬਹੁਤ ਪ੍ਰੇਸ਼ਾਨ ਸੀ।
ਪਹਿਲਾਂ ਪ੍ਰਿੰਸੀਪਲ ਸ਼ਾਮ ਨੂੰ ਥੋੜੀ ਬਹੁਤ ਲਾਉਂਦਾ,ਹੁਣ ਉਸਨੇ ਵੀ ਦਿਨ ਰਾਤ ਇੱਕ ਕਰ ਰੱਖਿਆ ਸੀ।ਉਸਦਾ ਸਕੂਲ ਜਾਣਾ ਵੀ ਬੰਦ ਹੋ ਗਿਆ।ਉਹ ਦੋਨੇਂ ਪਿਉ ਪੁੱਤ ਸਵੇਰੇ ਉੱਠਣ ਸਾਰ ਪੀਣ ਲੱਗ ਜਾਂਦੇ,ਓਧਰ ਘਰ ਵਿੱਚ ਇੱਕੋ ਇੱਕ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ,ਪਰ ਪਿਊ ਪੁੱਤ ਸ਼ਰਾਬ’ਚ ਟੁੰਨ ਰਹਿੰਦੇ ਸਨ।ਕਿਵੇਂ ਨਾ ਕਿਵੇਂ ਕੁੜੀ ਦਾ ਵਿਆਹ ਤਾਂ ਸਿਰੇ ਚੜ੍ਹ ਗਿਆ।ਪਰ ਉਹ ਨਾ ਹਟੇ,ਹੁਣ ਘਰ ਵਾਲੇ ਗੇਟਾਂ ਨੂੰ ਤਾਲੇ ਜਿੰਦਰੇ ਲਾਕੇ ਰੱਖਦੇ ਪਰ ਪ੍ਰਿੰਸੀਪਲ ਤੇ ਮੁੰਡਾ ਕੰਧਾਂ ਟੱਪਕੇ ਵੀ ਠੇਕੇ ਜਾ ਵੱਜਦੇ।ਘਰੇ ਅਕਸਰ ਲੜਾਈ ਝਗੜਾ ਰਹਿਣ ਲੱਗ ਪਿਆ।ਜੋ ਪ੍ਰਿਸੀਪਲ ਆਸੇ ਪਾਸੇ ਦੇ ਪਿੰਡਾਂ’ਚ ਇਹਨਾਂ ਸਿਆਣਾ ਗਿਣਿਆ ਜਾਂਦਾ ਸੀ। ਅੱਜ ਉਹ ਆਪਣੇ ਗਲਾਵੇਂ ਪਾਏ ਕਪੜਿਆਂ ਨੂੰ ਗੁੱਸੇ ਵਿਚ ਪਾੜਕੇ ਸੁੱਟ ਦਿੰਦਾ।ਉਹਨਾਂ ਸਿਰ ਹੁਣ ਕਰਜੇ ਦਾ ਢੇਰ ਲੱਗ ਚੁੱਕਾ ਸੀ।ਬਾਹਰ ਗਏ ਭਤੀਜੇ ਦੁਆਰਾ ਇੱਕ ਕਰੋੜ ਰੁਪਏ ਭੇਜਣ ਅਤੇ 18 ਕਿੱਲੇ ਜ਼ਮੀਨ ਵਿਕਣ ਉਪਰੰਤ ਵੀ ਕਰਜ਼ਾ ਨਹੀਂ ਉਤਰ ਰਿਹਾ ਸੀ।
ਹੁਣ ਉਸ ਘਰ ਦੀਆਂ ਔਰਤਾਂ ਵੀ ਅੰਧਵਿਸ਼ਵਾਸ ਦੇ ਜਾਲ਼ ਵਿਚ ਫਸ ਰਹੀਆਂ ਸਨ।ਕਾਰਣ ਪਿਊ ਪੁੱਤ ਦੇ ਨਸ਼ਾ ਕਰਨ ਅਤੇ ਕਰਜ਼ਾ ਤਾਂ ਸੀ ਹੀ ਦੂਜੇ ਪਾਸੇ ਘਰ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਸਨ,ਜੋ ਚੰਗਾ ਭਲਾ ਆਦਮੀ ਵੀ ਓਪਰੀ ਪਰਾਈ’ਚ ਵਿਸ਼ਵਾਸ ਕਰਨ ਲੱਗ ਪਏ।
ਇੱਕ ਦਿਨ ਉਹਨਾਂ ਦੇ ਪੰਜ ਛੇ ਪਸ਼ੂ ਧੌਣਾਂ ਉਪਰ ਚੁੱਕਣ ਲਗ ਪਏ।ਘਰ ਦਿਆਂ ਦੁਆਰਾ ਪਸ਼ੂਆਂ ਦੇ ਗਲ਼ਾਂ ਚੋੰ ਸੰਗਲ ਲਾ ਦੇਣ ਤੇ ਪਸ਼ੂ ਆਪਣੀਆਂ ਅਗਲੀਆਂ ਲੱਤਾਂ ਕੰਧਾਂ ਤੇ ਧਰਨ ਦੀ ਕੋਸ਼ਿਸ਼ ਕਰ ਰਹੇ ਸਨ।ਡਾਕਟਰ ਬੁਲਾਏ ਗਏ ਡਾਕਟਰਾਂ ਨੂੰ ਕਿਸੇ ਜ਼ਹਿਰ ਦਾ ਅੰਦੇਸ਼ਾ ਲੱਗਾ।ਕਿਉਂਕਿ ਪਸ਼ੂ ਘਰ ਤੋਂ ਬਾਹਰ ਬਣੇ ਮਕਾਨ ਵਿਚ ਬੰਨ੍ਹੇ ਹੁੰਦੇ ਸੀ।ਤੂੜੀ ਤੇ ਜ਼ਹਿਰ ਦਾ ਸ਼ੱਕ ਹੋਣ ਤੇ ਸਾਰੀ ਤੂੜੀ ਲੋਕਾਂ ਨੂੰ ਚੁਕਵਾ ਦਿੱਤੀ ਗਈ।ਪਰ ਚੁਕਵਾਈ ਤੂੜੀ ਨਾਲ ਲੋਕਾਂ ਦੇ ਪਸ਼ੂਆਂ ਦੇ ਖਾਣ ਨਾਲ ਕੋਈ ਬੁਰਾ ਅਸਰ ਨਹੀਂ ਪਿਆ।ਇਸ ਨਾਲ ਘਰ ਦੀਆਂ ਔਰਤਾਂ ਬਾਬੇ,ਚੇਲਿਆਂ ਦੇ ਚੱਕਰਾਂ ਚ ਪੈ ਗਈਆਂ।ਚੇਲਿਆਂ ਨੇ ਕਿਸੇ ਦਵਾਰਾ ਕੀਤਾ ਕਰਾਇਆ ਹੋਇਆ ਦੱਸਿਆ।ਅਤੇ ਉਪਾਅ ਦੇ ਤੌਰ ਤੇ ਸਿਵਿਆਂ’ਚੋੰ ਹੱਡੀਆਂ ਤੇ ਰਾਖ ਲਿਆਉਣ ਤੇ ਪੂਜਾ ਪਾਠ ਰਾਹੀਂ ਕਿਸੇ ਹੋਰ ਦੇ ਨੁਕਸਾਨ ਦਾ ਭਾਰ ਪਾ ਦੇਣ ਦਾ ਦਾਵਾ ਕੀਤਾ।ਪਰ ਪਰਿਵਾਰ ਕਿਸੇ ਹੋਰ ਦਾ ਨੁਕਸਾਨ ਕਰਨ ਤੇ ਰਾਜੀ ਨਹੀਂ ਹੋਇਆ।ਹੁਣ ਘਰ ਵਿੱਚ ਛੋਟੇ ਛੋਟੇ ਪੱਥਰ ਤੇ ਖੂਨ ਦੇ ਛਿੱਟੇ ਵੀ ਡਿੱਗਣ ਲੱਗ ਪਏ ਸਨ।ਪ੍ਰਿਸੀਪਲ ਨੂੰ ਬੈਠੇ ਨੂੰ ਇੰਜ ਲਗਦਾ ਜਿਵੇਂ ਕੋਈ ਉਸਦੇ ਮੋਢਿਆਂ ਤੇ ਖੜਾ ਹੋਵੇ,ਪਰ ਉਹ ਜਦ ਪਿੱਛੇ ਵੇਖਦੇ ਤਾਂ ਉਥੇ ਕੋਈ ਨਾ ਹੁੰਦਾ।ਉਹ ਕਹਿੰਦਾ ਜਦ ਮੈਂ ਅੱਗੇ ਵਲ ਚਲਦਾ ਹਾਂ ਤਾਂ ਮੇਰੇ ਪੈਰ ਪਿੱਛੇ ਨੂੰ ਕਿਉਂ ਜਾਂਦੇ ਹਨ?ਇਸੇ ਤਰਾਂ ਮੁੰਡਾ ਕਹਿੰਦਾ,ਮੈਨੂੰ ਕੰਧ ਤੇ ਟੀਵੀ ਦੀ ਸਕਰੀਨ ਬਣੀ ਹੋਈ ਤੇ ਉਸ ਉੱਤੇ ਕੋਈ ਸੀਨ ਦਿਖਾਈ ਦਿੰਦਾ।ਤੇ ਮੇਰੇ ਪੈਰਾਂ’ਚ ਠੂੰਹਾਂ ਜਾਂ ਸੱਪ ਬੈਠਾ ਮਹਿਸੂਸ ਹੁੰਦਾ,ਉਹ ਤੁਰੰਤ ਆਪਣੇ ਪੈਰ ਧਰਤੀ ਤੋਂ ਉਪਰ ਚੁੱਕਕੇ ਕੁਰਸੀ ਜਾਂ ਚਾਰਪਾਈ ਤੇ ਰੱਖ ਲੈਂਦਾ।ਉਹ ਹੁਣ ਰਾਤ ਨੂੰ ਚੁਬਾਰੇ’ਚ ਸੌਣ ਤੋਂ ਵੀ ਡਰਦਾ,ਰਾਤ ਨੂੰ ਉੱਠਕੇ ਆਪਣੀ ਦਾਦੀ ਜਾਂ ਮਾਂ ਕੋਲ਼ ਆਕੇ ਪੈਂਦਾ।ਇਸਤੋਂ ਇਲਾਵਾ ਪਰਿਵਾਰ ਵਿਚ ਹੋਰ ਬਹੁਤ ਕੁਝ ਵਾਪਰ ਰਿਹਾ ਸੀ।
20 ਕੁ ਸਾਲ ਪਹਿਲਾਂ ਉਹਨਾਂ ਦੇ ਕਿਸੇ ਨਜਦੀਕੀ ਦੇ ਘਰ ਅਚਾਨਕ ਅੱਗ ਲੱਗਣ ਦਾ ਕੇਸ ਤਰਕਸ਼ੀਲ ਕ੍ਰਿਸ਼ਨ ਬਰਗਾੜੀ ਹੁਰਾਂ ਨੇ ਹੱਲ ਕੀਤਾ ਸੀ। ਸਾਰੇ ਪਾਸੋਂ ਥੱਕ ਹਾਰਕੇ ਇਹ ਪਰਿਵਾਰ ਉਸੇ ਨਜਦੀਕੀ ਕੋਲ ਤਰਕਸ਼ੀਲਾਂ ਨਾਲ ਸੰਪਰਕ ਕਰਵਾਉਣ ਲਈ ਕਿਹਾ।ਮਾਸਟਰ ਰਾਜਿੰਦਰ ਭਦੌੜ ਨੇ ਕਾਲਾਂਵਾਲੀ ਇਕਾਈ ਨੂੰ ਇਸ ਕੇਸ ਨੂੰ ਹੱਲ ਕਰਨ ਲਈ ਕਿਹਾ।ਅਸੀਂ ਚਾਰ ਮੈਂਬਰ ਮਾ. ਸ਼ਮਸ਼ੇਰ ਚੋਰਮਾਰ,ਲੈ.ਹਰਚਨ ਸਿੰਘ,ਮਾ. ਕਾਲੂ ਰਾਮ ਭਾਰੂਖੇੜਾ ਅਤੇ ਮੈਂ ਇਸ ਟੀਮ ਵਿਚ ਸ਼ਾਮਿਲ ਸੀ,ਇੱਕ ਨਿਸ਼ਚਿਤ ਦਿਨ ਤੇ ਉਸ ਘਰ ਵਿੱਚ ਪਹੁੰਚ ਗਏ।ਅਸੀਂ ਪ੍ਰਿੰਸੀਪਲ ਤੇ ਉਸਦੇ ਭਾਈ ਦੇ ਪਰਿਵਾਰ ਨੂੰ ਇੱਕ ਥਾਂ ਇਕੱਠੇ ਕਰਕੇ ਆਪਣੀ ਗੱਲ ਬਾਤ ਸ਼ੁਰੂ ਕੀਤੀ।ਗੱਲ ਬਾਤ ਤੋਂ ਪਤਾ ਲੱਗਾ ਪ੍ਰਿੰਸੀਪਲ ਹੁਣ ਪਿਛਲੇ 10 ਦਿਨਾਂ ਤੋਂ ਸ਼ਰਾਬ ਛੱਡਣ ਦੀ ਦਵਾਈ ਲੈ ਰਹੇ ਹਨ ਅਤੇ ਉਹਨਾਂ ਨੇ ਹੁਣ ਪੀਣੀ ਬੰਦ ਕਰ ਰੱਖੀ ਹੈ।ਉਹਨਾਂ ਦੇ ਮੁੰਡੇ ਦੀ ਵੀ ਮੈਡੀਕਲ ਕਾਲਜ ਚੋੰ ਪਿਛਲੇ ਦੋ ਮਹੀਨਿਆਂ ਤੋਂ ਨਸ਼ਾ ਛੱਡਣ ਦੀ ਦਵਾਈ ਚੱਲ ਰਹੀ ਹੈ।ਅਸੀਂ ਉਹਨਾਂ ਨਾਲ ਵੱਖਰੇ ਵੱਖਰੇ ਤੌਰ ਤੇ ਲਗਾਤਾਰ ਪੰਜ ਘੰਟੇ ਤਕ ਗਲਬਾਤ ਕੀਤੀ।
ਉਹਨਾਂ ਨਾਲ ਕੀਤੀ ਚਰਚਾ ਤੋਂ ਬਾਅਦ,ਘਰ ਵਿੱਚ ਵਾਪਰਦੀਆਂ ਸਾਰੀਆਂ ਘਟਨਾਵਾਂ ਦੀ ਵਿਆਖਿਆ ਇਸ ਤਰਾਂ ਕੀਤੀ।ਪਸ਼ੂਆਂ ਦੇ ਸਿਰ ਉਪਰ ਚੁੱਕਣਾ ਜ਼ਹਿਰ ਦਾ ਕਾਰਣ ਸੀ।ਕਿਉਂਕਿ ਕੁਝ ਸਮਾਂ ਪਹਿਲਾਂ ਤੂੜੀ ਵਾਲੇ ਕਮਰੇ’ਚ ਭਰਿੰਡਾਂ ਨੂੰ ਮਾਰਨ ਲਈ ਜ਼ਹਿਰੀਲੀ ਸਪਰੇਅ ਦਾ ਛਿੜਕਾਵ ਕੀਤਾ ਗਿਆ ਸੀ।ਉਹੀ ਤੂੜੀ ਪਸ਼ੂਆਂ ਨੇ ਖਾ ਲਈ ਸੀ,ਤੇ ਜੋ ਲੋਕ ਤੂੜੀ ਚੁੱਕਕੇ ਲੈ ਗਏ ਸਨ ਉਸ ਵਿੱਚ ਜ਼ਹਿਰ ਦਾ ਅਸਰ ਨਹੀਂ ਸੀ।ਪਰਿਵਾਰ ਨੇ ਡਾਕਟਰਾਂ ਦੀ ਗੱਲ ਨਾ ਮੰਨਦੇ ਹੋਏ ਚੇਲਿਆਂ ਦੀ ਗੱਲ ਨੂੰ ਹੀ ਸੱਚ ਮੰਨ ਲਿਆ ਸੀ।
ਅਸੀਂ ਉਹਨਾਂ ਨੂੰ ਘਰ ਵਿੱਚ ਖੂਨ ਅਤੇ ਛੋਟੇ ਪੱਥਰ ਗਿਰਨ ਦੀ ਗੱਲ ਨੂੰ ਚੇਲਿਆਂ ਨਾਲ ਜੋੜਕੇ ਸਿੱਧ ਕੀਤਾ ਕਿ ਇਹ ਕੋਈ ਦੈਵੀ ਸ਼ਕਤੀ ਦਵਾਰਾ ਕੀਤਾ ਹੋਇਆ ਵਰਤਾਰਾ ਨਹੀਂ।
ਪ੍ਰਿੰਸੀਪਲ ਦੇ ਮੁੰਡੇ ਨੂੰ ਕੰਧ ਉੱਤੇ ਦਿਖਦੀ ਟੀਵੀ ਸਕਰੀਨ ਬਾਰੇ ਭਰਮ ਭੁਲੇਖੇ ਬੜੀ ਆਸਾਨੀ ਨਾਲ ਹੱਲ ਕੀਤੇ।ਕਿਉਂਕਿ ਹੁਣ ਉਸ ਮੁੰਡੇ ਦੀ ਮਨੋਵਿਗਿਆਨੀ ਡਾਕਟਰ ਕੋਲ ਕੌਂਸਲਿੰਗ ਚਲ ਰਹੀ ਸੀ,ਤੇ ਪੜ੍ਹੇ ਲਿਖੇ ਹੋਣ ਕਰਕੇ ਉਹ ਸਾਡੀ ਗੱਲ ਵਧੀਆ ਸਮਝ ਰਿਹਾ ਸੀ।ਪਰ ਪਰਿਵਾਰ ਵਿੱਚ ਔਰਤਾਂ ਦਵਾਰਾ ਬਣਾਏ ਅੰਧਵਿਸ਼ਵਾਸ ਕਰਕੇ ਉਸਦਾ ਡਰ ਹੋਰ ਪੱਕ ਜਾਂਦਾ ਸੀ।ਅਸੀਂ ਉਸ ਮੁੰਡੇ ਨੂੰ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਕਿ ਇਸ ਘਰ ਵਿੱਚ ਵੱਡਾ ਭੂਤ ਤੂੰ ਹੀ ਹੈਂ।ਤੇਰੇ ਸਹੀ ਹੋਣ ਨਾਲ ਹੀ ਸਾਰੇ ਘਰ ਦੀਆਂ ਸਮਸਿਆਵਾਂ ਦਾ ਹੱਲ ਹੋਣਾ ਹੈ।ਮੁੰਡੇ ਨੇ ਬੜੀ ਤਸੱਲੀ ਨਾਲ ਕਿਹਾ ਇਹ ਮੈਂ ਸਮਝ ਚੁੱਕਾ ਹਾਂ ਇਹ ਸਭ ਕੁਝ ਮੇਰੇ ਕਰਕੇ ਹੀ ਹੋ ਰਿਹਾ ਹੈ।ਮੈਂ ਆਪਣੇ ਆਪ ਹੀ ਆਵਦੇ ਘਰ ਦਿਆਂ ਨੂੰ ਨਸ਼ਾ ਛੱਡਣ ਲਈ ਕਿਹਾ ਸੀ ਤੇ ਮੈਨੂੰ ਦੋ ਮਹੀਨੇ ਹੋ ਗਏ ਹਨ ਦਵਾਈ ਲੈਂਦੇ ਨੂੰ ਤੇ ਡਾਕਟਰ ਨੇ 6 ਮਹੀਨਿਆਂ ਦੀ ਦਵਾਈ ਦਾ ਕੋਰਸ ਦੱਸਿਆ ਹੈ।ਮੈਂ ਬੜੇ ਧਿਆਨ ਨਾਲ ਇਹਨਾਂ ਚੀਜਾਂ ਵਿਚ ਦੀ ਗੁਜਰ ਰਿਹਾ ਹਾਂ।ਉਸਨੂੰ ਟੀਵੀ ਸਕਰੀਨ,ਠੂੰਹੇਂ, ਸੱਪ ਆਦਿ ਦੀਆਂ ਕਲਪਨਾਵਾਂ ਨਸ਼ੇ ਦੀ ਹਾਲਤ ਵਿੱਚ ਅਰਧ ਚੇਤਨ ਮਨ ਦੀ ਅਵਸਥਾ ਬਾਰੇ ਜਦ ਜਾਣਕਾਰੀ ਦਿੱਤੀ ਤਾਂ ਉਸਨੂੰ ਸਮਝਣ’ਚ ਦੇਰ ਨਾ ਲੱਗੀ।ਤੇ ਸਾਨੂੰ ਉਸਨੇ ਜਲਦੀ ਹੀ ਨਸ਼ੇ ਤੋਂ ਮੁਕਤ ਹੋਣ ਦਾ ਪੱਕਾ ਭਰੋਸਾ ਦਵਾਇਆ।
ਪ੍ਰਿੰਸੀਪਲ ਨਾਲ ਗੱਲਬਾਤ ਤੋਂ ਪਤਾ ਲੱਗਾ,ਉਹ ਆਪਣੇ ਪੁੱਤਰ ਦਾ ਤੇ ਘਰ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਚਿੰਤਿਤ ਸੀ।ਕਰਜ਼ੇ/ਬਜਟ ਬਾਰੇ ਪੁੱਛਣ ਤੇ ਉਹਨਾਂ ਨੇ ਇਸਨੂੰ ਅੰਡਰ ਕੰਟਰੋਲ ਦੱਸਿਆ ਤੇ ਕਿਹਾ ਇਸਦਾ ਜ਼ਿਆਦਾ ਫ਼ਿਕਰ ਨਹੀਂ।ਉਹ ਕਹਿੰਦੇ ਮੇਰੇ ਮੋਢਿਆਂ ਤੇ ਬੰਦਾ ਖੜਾ ਕਿਉਂ ਮਹਿਸੂਸ ਹੁੰਦਾ ਹੈ,ਤੇ ਮੇਰਾ ਪੈਰ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਕਿਉਂ ਜਾਂਦਾ ਐ?ਅਸੀਂ ਉਹਨਾਂ ਨੂੰ ਇਸਦਾ ਕਾਰਣ ਨਸ਼ਾ ਤੇ ਨਸ਼ਾ ਛੁਡਾਉਣ ਵਾਲੀ ਦਵਾਈ ਦਾ ਅਸਰ ਦੱਸਿਆ। ਅਤੇ ਕਿਹਾ ਤੁਸੀਂ ਅਰਧ ਚੇਤਨ ਅਵਸਥਾ ਦੀ ਸਥਿਤੀ ਬਣਨ ਕਾਰਨ ਕਲਪਨਾ ਨੂੰ ਹੀ ਸੱਚ ਮੰਨ ਲੈਂਦੇ ਹੋ।ਤੇ ਏਸੇ ਤਰਾਂ ਪੈਰਾਂ ਨੂੰ ਮਹਿਸੂਸ ਕਰਦੇ ਹੋ।ਅਸੀਂ ਉਹਨਾਂ ਨੂੰ ਕਿਹਾ ਜਦ ਤੁਸੀਂ ਦੁਬਾਰਾ ਡਾਕਟਰ ਕੋਲ ਦਵਾਈ ਲੈਣ ਗਏ ਤਾਂ ਇਸ ਬਾਰੇ ਦੱਸ ਦੇਣਾ।ਸਾਨੂੰ ਇਹ ਵੀ ਪਤਾ ਲੱਗਾ ਕਿ ਪ੍ਰਿੰਸੀਪਲ ਨੇ ਵੀ ਤੰਗ ਹੋਕੇ ਸ਼ਰਾਬ ਖੁਦ ਛੱਡਣ ਦਾ ਫੈਸਲਾ ਲਿਆ ਹੋਇਆ ਸੀ ਤੇ ਸਾਨੂੰ ਉਹ ਕਹਿ ਰਹੇ ਸਨ, ”ਮੈਂ ਹੁਣ ਜਿੰਦਗੀ ਭਰ ਇਸਨੂੰ ਹੱਥ ਨਹੀਂ ਲਾਵਾਂਗਾ, ਤੇ ਬਸ ਮੇਰੇ ਮੁੰਡੇ ਨੂੰ ਸਮਝਾ ਦੇਵੋ’ ਤੁਸੀਂ ਹੁਣ ਮੇਰਾ ਫਿਕਰ ਨਾ ਕਰੋ।”ਅਸੀਂ ਉਹਨਾਂ ਨਾਲ ਵਿਸ਼ਵਾਸ ਭਰੀਆਂ ਗੱਲਾਂ ਕਰਕੇ ਹੌਂਸਲਾ ਦਿੱਤਾ ਤੇ ਮੁੰਡੇ ਦੇ ਵੀ ਜਲਦੀ ਠੀਕ ਹੋਣ ਦਾ ਭਰੋਸਾ ਦਿਵਾਇਆ।
ਵੱਖ ਵੱਖ ਔਰਤਾਂ ਨਾਲ ਉਹਨਾਂ ਦੀ ਸਮਝ ਮੁਤਾਬਕ ਉਹਨਾਂ ਨੂੰ ਸੁਝਾਵ ਦਿੱਤੇ ਗਏ,ਤੇ ਆਸ਼ਾਵਾਦੀ ਹੋਣ ਅਤੇ ਕਿਸੇ ਚੇਲੇ ਚਪਟੇ ਦੇ ਚੱਕਰਾਂ’ਚ ਨਾ ਆਉਣ ਲਈ ਕਿਹਾ।ਇੱਕ ਦੋ ਔਰਤਾਂ ਦਾ ਜ਼ਿਆਦਾ ਅੰਧਵਿਸ਼ਵਾਸੀ ਹੋਣ ਕਰਕੇ ਸਾਨੂੰ ਜਾਦੂ ਦੀ ਟ੍ਰਿੱਕ ਵੀ ਕਰਨੀ ਪਈ। ਘਰ ਵਿਚੋਂ ਲਏ ਦੀਵੇ ਵਿਚ ਬਿਨਾ ਸਿਲਾਈ ਤੋਂ ਅੱਗ ਪੈਦਾ ਕਰਕੇ,ਓਪਰੀਆਂ ਪਰਾਈਆਂ ਰੂਹਾਂ ਨੂੰ ਬਾਲ਼ਕੇ,ਰਾਖ ਵਿਚ ਤਬਦੀਲ ਕਰਕੇ ਝੂਠੀ ਤੱਸਲੀ ਦੇਣੀ ਪਈ।
ਅੰਤ ਵਿਚ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਕੁਝ ਜਰੂਰੀ ਸੁਝਾਵ ਦੇਕੇ ਅਸੀਂ ਘਰ ਵਿਚੋਂ ਅਪਣੱਤ ਭਰੇ ਮਾਹੌਲ’ਚੋੰ ਵਿਦਾ ਹੋਏ।ਤੇ ਰਸਤੇ ਵਿੱਚ ਇਸ ਕੇਸ ਦੀ ਚਰਚਾ ਕਰਨ ਵੇਲੇ ਸਾਡਾ ਇੱਕ ਸਾਥੀ ਕਹਿ ਰਿਹਾ ਸੀ।ਬੰਦਾ ਪੂੰਜੀ,ਪੈਸਾ, ਤਾਂ ਢੇਰ ਲਾ ਲੈਂਦਾ ਆ…ਪਰ ਆਪਣਾ ਅਸਲੀ ਘਰ ਪਿਆਰ, ਪਰਿਵਾਰ,ਬੱਚੇ…ਤੇ ਹੋਰ…ਕਿਸੇ ਨੇ ਐਂਵੇ ਤਾਂ ਨਹੀਂ ਕਿਹਾ ,”ਅਸੀਂ ਐਂਵੇਂ,ਸਾਂਭਦੇ ਰਹੇ ਕੱਚ ਦਾ ਸਮਾਨ, ਜਿੰਦਗੀ ਨੂੰ ਨਹੀਂ ਸਾਂਭਿਆ…
ਅਜਾਇਬ ਜਲਾਲਆਣਾ
9416724331

%d bloggers like this: