ਜੋਤਸ਼ ਪਾ ਰਿਹਾ ਹੈ ਨੌਜਵਾਨਾਂ ਨੂੰ ਕੁਰਾਹੇ

ਮੁਖਵਿੰਦਰ ਸਿੰਘ ਚੋਹਲਾ :

*ਮੰਗਲੀਕ -ਕਲ ਖਬਰ ਛਪੀ ਕਿ ਅੰਮਿਰਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਲੜਕੀ ਵਲੋਂ ਨਹਿਰ ਵਿਚ ਛਾਲ ਮਾਰਕੇ ਇਸ ਕਰਕੇ ਖੁਦਕਸ਼ੀ ਕਰ ਲਈ ਕਿ ਇਕ ਪੰਡਤ ਦੇ ਦਸਣ ਤੇ ਕਿ ਉਹ ਮੰਗਲੀਕ ਹੋਣ ਕਾਰਨ ਆਪਣੇ ਮਾਤਾ ਪਿਤਾ ਉਪਰ ਭਾਰੀ ਹੈ ਤੇ ਉਨਾਂ ਦੀ ਪਰੇਸ਼ਾਨੀ ਦੀ ਵੀ ਜਿੰਮੇਵਾਰ ਹੈ।ਉਸ ਦਾ ਪਿਤਾ ਰਿਕਸ਼ਾ ਚਾਲਕ ਹੈ ਤੇ ਗਰੀਬੀ ਹੋਣ ਕਾਰਣ ਉਸਦੇ ਵਿਆਹ ਲਈ ਕਈ ਰਿਸ਼ਤੇ ਆਏ ਤੇ ਸਿਰੇ ਨਾ ਚੜ ਸਕੇ।ਜਿਸ ਕਾਰਨ ਉਸਨੂੰ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕਸ਼ੀ ਕਰਨੀ ਪਈ।ਪਰਿਵਾਰ ਨੇ ਮੰਗ ਕੀਤੀ ਹੈ ਕਿ ਜੁੰਮੇਵਾਰ ਪੰਡਤ ਵਿਰੁਧ ਕਾਰਵਾਈ ਹੋਣੀ ਚਾਹਿਦੀ ਹੈ।ਕੁਝ ਲੋਕਾਂ ਵਲੋਂ ਲੜਕੇ-ਲੜਕੀਆਂ ਦੇ ਜਨਮ ਸਮੇਂ ਅਤੇ ਸਥਾਨ ਅਨੁਸਾਰ ਜਦ ਜੋਤਸ਼ੀਆਂ,ਪੰਡਿਤਾਂ ਵੱਲੋਂ ਜਨਮ ਕੁੰਡਲੀ,ਟੇਵਾ ਤਿਆਰ ਕਰਵਾਏ ਜਾਂਦੇ ਹਨ ਤਾਂ ਦੱਸਿਆ ਜਾਂਦਾ ਹੈ ਕਿ ਤੁਹਾਡਾ ਬੱਚਾ ਮੰਗਲੀਕ ਹੈ,ਜਿਸ ਤੋਂ ਮਾਪੇ ਡਾਢੇ ਫਿਕਰਮੰਦ ਹੁੰਦੇ ਹਨ।ਕਈ ਵਾਰ ਜੇ ਵਿਆਹ ਕਿਸੇ ਕਾਰਨ ਨਾ ਹੋ ਰਿਹਾ ਹੋਵੇ ਤਾਂ ਉਸਨੂੰ ਪੰਡਤ ਜੋਤਿਸ਼ ਦਾ ਡਰਾਮਾ ਕਰਕੇ ਮੰਗਲੀਕ ਦਸ ਦਿੰਦੇ ਹਨ।ਅਕਸਰ ਜੋਤਸ਼ੀਆਂ, ਜਨਮ ਕੁੰਡਲੀ ਬਣਾਉਣ ਵਾਲਿਆਂ ਵੱਲੋਂ ਸਮਾਜ ਵਿਚ ਧਾਰਨਾ ਫੈਲਾਈ ਜਾਂਦੀ ਹੈ ਕਿ ਸ਼ਾਦੀ ਕਰਨ ਲਈ ਲੜਕਾ-ਲੜਕੀ ਦੋਵੇਂ ਮੰਗਲੀਕ ਹੋਣੇ ਜ਼ਰੂਰੀ ਹਨ।ਮੰਗਲੀਕ ਦੇ ਵਿਆਹੁਣ ਯੋਗ ਹੁੰਦਿਆਂ ਹੀ ਮਾਪਿਆਂ ਵਿਚ ਉਸ ਲਈ ਮੰਗਲੀਕ ਰਿਸ਼ਤਾ ਲੱਭਣ ਦੀ ਤਲਾਸ਼ ਵੱਡੀ ਚੁਣੌਤੀ ਵਜੋਂ ਉੱਭਰਦੀ ਹੈ।ਵਿਚੋਲਿਆਂ, ਰਿਸ਼ਤੇਦਾਰਾਂ,ਮੈਰਿਜ ਬਿਊਰੋਆਂ ਤੱਕ ਪਹੁੰਚ ਕੀਤੀ ਜਾਂਦੀ,ਅਖ਼ਬਾਰਾਂ ‘ਚ ਰਿਸ਼ਤਾ ਲੱਭਣ ਲਈ ਇਸ਼ਤਿਹਾਰ ਦਿੱਤੇ ਜਾਂਦੇ ਹਨ।ਜੇ ਕਿਧਰੇ ਮੰਗਲੀਕ ਰਿਸ਼ਤੇ ਦੀ ਗੱਲ ਤੁਰਦੀ ਹੈ ਤਾਂ ਜਾਤ, ਉਮਰ,ਕਿੱਤੇ,ਪੜ੍ਹਾਈ,ਆਰਥਿਕ ਹਾਲਤ ਅਤੇ ਲੋੜ ਅਨੁਸਾਰ ਸਹੀ ਨਾ ਉਤਰਨ ਅਤੇ ਰਿਸ਼ਤਾ ਸਿਰੇ ਨਾ ਚੜ੍ਹ ਸਕਣ ਕਾਰਨ ਮਾਪਿਆਂ ਦੀ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਹਰਾਮ ਹੋਈ ਰਹਿੰਦੀ ਹੈ।ਕਿਸੇ ਵੀ ਧਾਰਮਿਕ ਗ੍ਰੰਥ ‘ਚ ਨਹੀਂ ਲਿਖਿਆ ਕਿ ਲੜਕਾ ਜਾਂ ਲੜਕੀ ਮੰਗਲੀਕ ਹੁੰਦੇ ਹਨ ਅਤੇ ਉਨ੍ਹਾਂ ਲਈ ਮੰਗਲੀਕ ਵਰ ਹੀ ਲੱਭਿਆ ਜਾਵੇ।ਜੋਤਸੀ ਜਨਮ ਕੁੰਡਲੀ ਨੂੰ ਬਾਰਾਂ ਘਰਾਂ ਵਿਚ ਵੰਡਦਾ ਹੈ ਭਾਵ ਬਾਰਾਂ ਖਾਨੇ ਬਣਾਉਦਾ ਹੈ।ਜਿੰਨਾਂ ਦਾ ਸਬੰਧ ਜੀਵਨ ਵਿਚ ਵਾਪਰਨ ਵਾਲੀਆਂ ਵਖ ਵਖ ਘਟਨਾਵਾਂ ਨਾਲ ਜੋੜਦਾ ਹੈ।ਇਨਾਂ ਵਾਪਰਨ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਦਾ ਨਾਮਕਰਨ ਵੀ ਕੀਤਾ ਗਿਆ ਹੈ ਜਿਸ ਨੂੰ ਇਹ ਯੋਗ ਆਖਦਾ ਹੈ ਜਿਵੇਂ ਕਾਲਸਰਪ ਯੋਗ ਜਾਂ ਮੰਗਲੀਕ ਯੋਗ ਆਦਿ।ਜਦੋਂ ਬਚੇ ਦਾ ਜਨਮ ਹੁੰਦਾ ਹੈ ਜੋਤਸ਼ੀ ਅਕਾਸ਼ ਦਾ ਨਕਸ਼ਾ ਬਣਾਉਦਾ ਹੈ ਜਿਸ ਵਿਚ ਗੋਲ ਅਕਾਸ਼ ਨੂੰ ਬਾਰਾਂ ਹਿਸਿਆਂ ਵਿਚ ਵੰਡਿਆ ਜਾਂਦਾ ਹੈ ਕਿਉਕਿ ਗੋਲ ਚੱਕਰ ਵਿਚ 360 ਡਿਗਰੀਆਂ ਹਨ ਇਸ ਲਈ ਬਾਰਵਾਂ ਹਿਸਾ 30 ਡਿਗਰੀਆਂ ਹੋਇਆ।ਇਸ ਤਰਾਂ ਅਕਾਸ਼ ਦੇ 12 ਹਿਸੇ ਕਰ ਲੈਂਦਾ ਹੈ।ਹਰ ਹਿਸੇ ਦਾ ਨਾਮਕਰਨ ਵੀ ਤਾਰਿਆਂ ਦੀ ਬਣਦੀ ਸ਼ਕਲ ਨਾਲ  ਮਿਲਦਾ ਰੱਖ ਦਿੰਦਾ ਹੈ।ਜਿਵੇਂ ਤਕੜੀ ਦੀ ਬਣਦੀ ਤਾਰਿਆਂ ਦੀ ਸ਼ਕਲ ਨੂੰ ਤੁਲਾ ਰਾਸ਼ੀ ਦਾ ਨਾਂ ਦਿਤਾ ਗਿਆ ਹੈ।ਜਨਮ ਸਮੇਂ ਵਿਚਰਦੇ ਗਰਿਹਾਂ ਨੂੰ ਹੀ ਬਚੇ ਦੀ ਜਨਮ ਕੁੰਡਲੀ ਵਿਚ ਫਿਟ ਕੀਤਾ ਜਾਂਦਾ ਹੈ।ਕਿਹੜੀ ਰਾਸ਼ੀ ਤੇ ਕਿਹੜੇ ਘਰ ਵਿਚ ਜਨਮ ਸਮੇਂ ਮੰਗਲ ਹੈ ? ਮੰਗਲੀਕ ਬਚੇ ਦਾ ਪਤਾ ਲਾਇਆ ਜਾਂਦਾ ਹੈ,ਜੇ ਬਚੇ ਦੇ ਜਨਮ ਸਮੇਂ ਮੰਗਲ 1,4, 7,8 ਵੇਂ ਜਾਂ 12 ਵੇਂ ਘਰ ਵਿਚ ਹੈ ਤਾਂ ਕੁੜੀ ਮੰਗਲੀਕ ਹੈ ਤੇ ਜੇ 4,8 ਵੇਂ ਤੇ 12 ਵੇਂ ਘਰ ਵਿਚ ਮੰਗਲ ਹੋਣ ਤੇ ਮੁੰਡਾ ਮੰਗਲੀਕ ਹੈ।ਜੋਤਿਸ਼ ਮੰਗਲੀਕ ਮੁੰਡੇ ਦਾ ਮੰਗਲੀਕ ਕੁੜੀ ਨਾਲ ਵਿਆਹ ਕਰਨ ਦੀ ਸਲਾਹ ਦਿੰਦਾ ਹੈ,ਡਰਾਉਂਦਾ ਹੈ ਜੇ ਮੰਗਲੀਕ ਜੋੜੀ ਦਾ ਆਪਸ ਵਿਚ ਵਿਆਹ ਨਾ ਹੋਇਆ ਤਾਂ ਇਕ ਦੀ ਮੌਤ ਹੋ ਜਾਵੇਗੀ।ਦੁਨੀਆ ਦਾ ਕੋਈ ਵੀ ਜੋਤਸ਼ੀ ਕੁੰਡਲੀ ਵੇਖ ਕੇ ਨਹੀ ਦਸ ਸਕਦਾ ਕਿ ਇਹ ਮੁੰਡੇ ਦੀ ਹੈ ਜਾਂ ਕੁੜੀ ਦੀ,ਵਿਆਹੇ ਜਾਂ ਕੁਆਰੇ ਦੀ,ਮਰੇ ਜਾਂ ਜਿਉਂਦੇ ਦੀ।ਸੁਆਲ ਜੇ ਬਚੇ ਦਾ ਜਨਮ ਹਵਾਈ ਜਹਾਜ ਵਿਚ ਹੋਵੇ ਤਾਂ ਜਨਮ ਸਥਾਨ ਕਹਿੜਾ ਹੋਵਗਾ ? ਜ਼ਿੰਦਗੀ ਵਿਚ ਸੁਖ ਅਤੇ ਦੁੱਖ ਦੋਵੇਂ ਹੀ ਆਉਂਦੇ ਹਨ ਅਤੇ ਇਹ ਜ਼ਰੂਰੀ ਵੀ ਨਹੀਂ ਕਿ ਜੇ ਮੰਗਲੀਕ ਲੜਕੇ ਦਾ ਵਿਆਹ ਮੰਗਲੀਕ ਲੜਕੀ ਨਾਲ ਹੀ ਕੀਤਾ ਜਾਵੇ ਤਾਂ ਉਨ੍ਹਾਂ ਦਾ ਸਾਰਾ ਜੀਵਨ ਖੁਸ਼ੀਆਂ ਦੀ ਗਰੰਟੀ ਨਾਲ ਲੈਸ ਹੋਵੇਗਾ।ਜੇ ਸਿਰਫ਼ ਮੰਗਲੀਕ ਰਿਸ਼ਤਾ ਲੱਭਣ ਦੀ ਬਜਾਏ ਲੜਕੇ-ਲੜਕੀ ਨੂੰ ਉਸ ਦੇ ਮਾਪਿਆਂ ਵੱਲੋਂ ਵਿਰਸੇ ‘ਚ ਦਿੱਤੀ ਨੈਤਿਕ ਸਿੱਖਿਆ,ਸੰਸਕਾਰ, ਵਿੱਦਿਅਕ ਯੋਗਤਾ,ਮਨ ਦੀ ਅੰਦਰੂਨੀ ਸੁੰਦਰਤਾ, ਸ਼ੁਭ ਵਿਚਾਰ,ਉਮਰ ਆਦਿ ਗੁਣ ਪਰਖ ਕੇ ਰਿਸ਼ਤਾ ਸਿਰੇ ਚੜ੍ਹਾਇਆ ਜਾਵੇ ਤਾਂ ਪਤੀ-ਪਤਨੀ ਦਾ ਸਾਰਾ ਵਿਆਹੁਤਾ ਜੀਵਨ ਹੀ ਫੁੱਲਾਂ ਦੀ ਨਿਆਂਈ ਅਤੇ ਹੱਸਦਾ-ਖੇਡਦਾ ਬਤੀਤ ਹੋਵੇਗਾ।ਮੈਂ ਖੁਦ ਸਤ ਅਠ ਸਾਲ ਪਹਿਲਾਂ ਅਜਿਹੇ ਲੜਕੇ ਦੇ ਪਰਿਵਾਰ ਨੂੰ ਇਸ ਗਲ ਤੇ ਮਨਾਇਆ ਕਿ ਉਹ ਮੰਗਲੀਕ ਦੇ ਚਕਰ ਵਿਚ ਪੈ ਕੇ ਮੁੰਡੇ ਦੇ ਵਿਆਹ ਦੀ ਯੋਗ ਉਮਰ ਨਾ ਲੰਘਾਵੇ ਤੇ ਉਸਦਾ ਵਿਆਹ ਗੈਰ ਮੰਗਲੀਕ ਲੜਕੀ ਨਾਲ ਹੋਇਆ।ਹੁਣ ਇਕ ਬੱਚਾ ਵੀ ਹੈ ਤੇ ਪਰਿਵਾਰ ਖੁਸ਼ ਵੀ ਹੈ।ਤਰਕਸ਼ੀਲ ਸੁਸਾਇਟੀ ਦੀ ਮੰਗ ਹੈ,ਮਹਾਂਰਾਸ਼ਟਰ ਸਰਕਾਰ ਵਾਂਗ ਪੰਜਾਬ ਵਿਚ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਲਾਗੂ ਕਰੇ ਤਾਂ ਜੋ ਤਾਂਤਰਿਕਾਂ,ਜੋਤਸ਼ੀਆਂ ਤੇ ਅਖੌਤੀ ਸਾਧਾਂ ਖਿਲਾਫ ਕਾਰਵਾਈ ਹੋਵੇਗੀ ਭਵਿਖ ਵਿਚ ਬਲੀ ਦੇਣ ਤੇ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਅਤੇ ਲੋਕ ਆਰਥਿਕ,ਮਾਨਸਿਕ, ਸਰੀਰਕ ਲੁਟ ਤੋਂ ਬਚ ਸਕਣ।ਮੁਖਵਿੰਦਰ ਸਿੰਘ ਚੋਹਲਾ *

%d bloggers like this: