*ਸੁੱਖਾਂ ਸੁੱਖਣ ਨਾਲ ਨਾ ਕੋਈ ਕੰਮ ਬਣਦੈ ਤੇ ਨਾ ਵਿਗੜਦੈ: ਤਰਕਸ਼ੀਲ

*ਤਰਕਸ਼ੀਲਾਂ ਨੇ ਪਿੰਡ ਮਿਲਖ ਵਿਚ ਖੋਲੀ ਪਾਖੰਡੀ ਬਾਬਿਆਂ ਦੀ ਪੋਲ*

*ਪਿੰਡ ਵਿਚ ਸਭਾ ਬੁਲਾ ਕੇ ਲੋਕਾਂ ਨੂੰ ਅੰਧਵਿਸ਼ਵਾਸ ਵਿਰੁਧ ਕੀਤਾ ਜਾਗਰੂਕ*

ਮਾਜਰੀ/ਮੁੱਲਾਂਪੁਰ, 5 ਜੁਲਾਈ (ਨਗਾਰੀ)-  ਸੁੱਖਾਂ ਸੁੱਖਣ ਨਾਲ ਨਾ ਤਾਂ ਕੋਈ ਕੰਮ ਬਣਦਾ ਹੈ ਅਤੇ ਨਾਂ ਹੀ ਵਿਗੜਦਾ ਹੈ। ਹਰ ਕੰਮ ਦੀਆਂ ਦੋ ਹੀ ਸੰਭਾਵਨਾਵਾਂ ਹੁੰਦੀਆਂ ਹਨ ਜਾਂ ਤਾਂ ਮਸਲੇ ਦਾ ਹੱਲ ਹੋਣਾ ਜਾ ਨਾ ਹੋਣਾ। ਜਿਹਨਾਂ ਲੋਕਾਂ ਦਾ ਕੰਮ ਬਣ ਜਾਂਦਾ ਹੈ ਉਹ ਸਮਝਦੇ ਹਨ ਇਹ ਮੰਨਤ ਮੰਗਣ ਨਾਲ ਹੋਇਆ ਹੈ, ਜਿਨ੍ਹਾਂ ਦਾ ਨਹੀਂ ਬਣਦਾ ਉਹ ਸੋਚਦੇ ਹਨ ਕਿ ਉਹਨਾਂ ਨੇ ਸੁੱਖ ਮਨ ਤੋਂ ਨਹੀਂ ਮੰਗੀ ਸੀ ਜਾਂ ਉਹਨਾਂ ਤੋਂ ਕੋਈ ਭੁੱਲ ਹੋਈ ਹੈ। ਲੋਕਾਂ ਨੂੰ ਅੰਧਵਿਸ਼ਵਾਸ ਵਿਚੋਂ ਕੱਢਣ ਲਈ ਕੁਝ ਅਜਿਹੇ ਹੀ ਵਿਚਾਰ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵਰਕਰਾਂ ਨੇ ਪਿੰਡ ਮਿਲਖ ਦੀ ਇਸ ਮਸਲੇ ਤੇ ਬੁਲਾਈ ਸਭਾ ਵਿੱਚ ਕਹੇ। ਤਰਕਸ਼ੀਲ ਸੁਸਾਇਟੀ ਜ਼ੋਨ ਚੰਡੀਗੜ• ਦੇ ਸਭਿਆਚਾਰਕ ਵਿਭਾਗ ਦੇ ਮੁਖੀ ਬਲਦੇਵ ਜਲਾਲ ਨੇ ਕਿਹਾ ਕਿ ਪਿੰਡਾਂ ਵਿਚ ਅਕਸਰ ਪਾਖੰਡੀ ਬਾਬੇ, ਸਾਧ ਅਤੇ ਸੰਤ ਲੋਕਾਂ ਨੂੰ ਮੁੰਡਾ ਬਖਸ਼ਣ ਦਾ ਲਾਰਾ ਲਾ ਕੇ ਅੰਧਵਿਸ਼ਵਾਸ ਵਲ ਧੱਕਦੇ ਹਨ ਤੇ ਉਹਨਾਂ ਨੂੰ ਲੁੱਟਦੇ ਹਨ। ਉਹਨਾਂ ਕਿਹਾ ਕਿ ਕੁਦਰਤ ਦੇ ਨਿਯਮਾਂ ਅਨੁਸਾਰ ਅੱਧੇ ਮੁੰਡੇ ਅਤੇ ਅੱਧੀਆਂ ਕੁੜੀਆਂ ਨੇ ਜਨਮ ਲੈਣਾ ਹੁੰਦਾ ਹੈ। ਸਕੂਲ ਵਿੱਚ ਵਿਦਿਆਰਥੀ ਐਕਸ ਅਤੇ ਵਾਈ ਕ੍ਰੋਮੋਸੋਮ ਬਾਰੇ ਵਿਚ ਪੜਦੇ ਹਨ ਕਿ ਮਾਂ ਦੇ ਪੇਟ ਵਿਚ ਲੜਕਾ ਅਤੇ ਲੜਕੀ ਕਿਵੇਂ ਬਣਦੇ ਹਨ ਪਰ ਬਾਬਿਆਂ ਕੋਲ ਜਾ ਕੇ ਉਹ ਇਹ ਗੱਲਾਂ ਭੁੱਲ ਜਾਂਦੇ ਹਨ। ਤਰਕਸ਼ੀਲ ਸੁਸਾਇਟੀ ਮੋਹਾਲੀ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਕਿਸੇ ਕੋਲ ਕਾਲਾ ਇਲਮ ਨਾ ਦੀ ਕੋਈ ਸ਼ੈਅ ਨਹੀਂ ਹੁੰਦੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਕੁੱਝ ਪਾਖੰਡੀ ਬਾਬੇ ਵਿਅਕਤੀ ਨੂੰ ਚਮਕਦੀ ਵਸਤੂ ਵਲ ਵਿਖਾ ਕੇ ਹਿਪਨੋਟਾਈਜ਼ ਕਰ ਲੁੱਟਦੇ ਹਨ ਜਦ ਕਿ ਮਨੋਵਿਗਿਆਨਕ ਇਸ ਵਿਧੀ ਦਾ ਪ੍ਰਯੋਗ ਮਾਨਸਿਕ ਰੋਗੀਆਂ ਨੂੰ ਠੀਕ ਕਰਨ ਲਈ ਕਰਦੇ ਹਨ। ਇਸ ਮੌਕੇ ਉਹਨਾਂ ਲੋਕਾਂ ਨੂੰ ਬਾਬਿਆਂ ਦੀ ਲੁੱਟ ਤੋਂ ਬਚਣ ਲਈ ਜਾਦੂ ਦੇ ਟ੍ਰਿਕ ਵੀ ਕਰ ਕੇ ਦਿਖਾਏ। ਉਹਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਦੇ ਵੀ ਜਨਮ ਕੁੰਡਲੀਆਂ, ਵਸ਼ੀਕਰਨ, ਨਜ਼ਰ ਲੱਗਣਾ, ਰਾਹੂ- ਕੇਤੂ ਜਿਹੇ ਕਲਪਿਤ ਗ੍ਰਹਿਆਂ ਦੇ ਭਰਮਜਾਲ ਵਿਚ ਨਾ ਪੈਣ। ਇਸ ਮੌਕੇ ਗੋਰਾ ਹੁਸ਼ਿਆਰਪੁਰੀ ਅਤੇ ਹਰਵਿੰਦਰ ਮੌਜੂਦ ਰਹੇ। ਇਹ ਸਭਾ ਦੇਰ ਰਾਤ ਤੱਕ ਚੱਲੀ।

ਕੈਪਸ਼ਨ: 
*ਪਿੰਡ ਮਿਲਖ ਵਿਚ ਲੋਕਾਂ ਨੂੰ ਜਾਦੂ ਦੇ ਟ੍ਰਿਕ ਵਿਖਾਕੇ ਬਾਬਿਆਂ ਦੀ ਪੋਲ ਖੋਲ੍ਹ ਰਹੇ ਤਰਕਸ਼ੀਲ ਸੁਸਾਇਟੀ ਦੇ ਵਰਕਰ।*

%d bloggers like this: